ਸਾਬਕਾ ਫ਼ੌਜੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ex-servicemen ਸਾਬਕਾ ਫ਼ੌਜੀ: ਸਾਡੇ ਫ਼ੌਜੀ ਨੌਜਵਾਨਾਂ ਨੇ ਆਪਣੇ ਅਨੁਸ਼ਾਸਨ, ਸਮਰਪਣ, ਮਨੋਬਲ ਅਤੇ ਬਹਾਦਰੀ ਕਾਰਨ ਸੰਸਾਰ ਦੀਆਂ ਵਧੀਆ ਫ਼ੌਜਾਂ ਵਿਚੋਂ ਹੋਣ ਦਾ ਦਰਜਾ ਪ੍ਰਾਪਤ ਕੀਤਾ ਹੈ। ਉਹ ਆਪਣੀ ਮਾਤ-ਭੂਮੀ ਦੀ ਪ੍ਰਭੁਤਾ ਅਤੇ ਏਕਤਾ ਦੀ ਰਾਖੀ ਲਈ ਆਪਣੀ ਤਿਆਰੀ ਤੋਂ ਇਲਾਵਾ ਉਹਨਾਂ ਨੇ ਸਦਾ ਹੀ ਪ੍ਰਾਕ੍ਰਿਤਕ ਬਿਪਤਾਵਾਂ ਅਤੇ ਅੰਦਰੂਨੀ ਗੜਬੜ ਅਤੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕੀਤੀ ਹੈ। ਪਰੰਤੂ ਉਹ ਮੁਕਾਬਲਤਨ ਘੱਟ ਉਮਰ ਤੇ ਹੀ ਰਿਟਾਇਰ ਹੋ ਜਾਂਦੇ ਹਨ ਅਤੇ ਇਸ ਲਈ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਸਿਵਲ ਧਾਰਾ ਵਿਚ ਪੁਨਰਵਾਸ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਦੂਜੇ ਰੋਜ਼ਗਾਰ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਦੇ ਰਿਟਾਇਰ ਹੋਣ ਸਮੇਂ ਉਹਨਾਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਜੇ ਬਾਕੀ ਹੁੰਦੀਆਂ ਹਨ ਅਤੇ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਹੋਰ ਪੇਸ਼ੇ ਨੂੰ ਅਪਣਾਉਣਾ ਪੈਂਦਾ ਹੈ। ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਧੀਆ ਸਾਲ ਦੇਸ਼ ਦੇ ਅਰਪਣ ਕੀਤੇ ਹੁੰਦੇ ਹਨ, ਇਸ ਲਈ ਰਾਸ਼ਟਰ ਦਾ ਕਰਤੱਵ ਬਣਦਾ ਹੈ ਕਿ ਉਹ ਸਾਬਕਾ-ਫ਼ੌਜੀਆਂ ਦੇ ਪੁਨਰਵਾਸ ਵਿਚ ਪੂਰੀ ਸਹਾਇਤਾ ਕਰੇ। ਇਸੇ ਕਰਕੇ ਸਵਰਗਵਾਸੀ ਸ਼੍ਰੀਮਤੀ ਇੰਦਰਾ ਗਾਂਧੀ , ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਕਿਹਾ ਸੀ

      “ਸਾਬਕਾ ਫ਼ੌਜੀਆਂ ਲਈ ਵਿਕਲਪੀ ਪੇਸ਼ੇ ਲੱਭਣਾ ਰਾਸ਼ਟਰ ਦੀ ਜ਼ਿੰਮੇਵਾਰੀ ਹੈ। ਅਸੀਂ ਇਸ ਮਸਲੇ ਤੇ ਇੱਥੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ। ਸਾਬਕਾ ਫ਼ੌਜੀਆਂ ਦੀ ਭਲਾਈ ਅਤੇ ਪੁਨਰਵਾਸ ਲਈ ਕਈ ਉਪਾਉ ਕੀਤੇ ਗਏ ਹਨ। ਰਾਜ ਸਰਕਾਰਾਂ ਅਤੇ ਪ੍ਰਾਈਵੇਟ ਖ਼ੇਤਰ ਦੇ ਉਦਯੋਗਾਂ ਨੂੰ ਇਹਨਾਂ ਸਾਬਕਾ-ਫ਼ੌਜੀਆਂ ਸਬੰਧੀ ਧਿਆਨ ਰੱਖਣ ਲਈ ਕਿਹਾ ਗਿਆ ਹੈ। ਸਾਡੇ ਸਾਬਕਾ ਫ਼ੌਜੀ ਅਨੁਸ਼ਾਸਿਤ ਅਤੇ ਸਿੱਖਿਅਤ ਹਨ ਅਤੇ ਕੋਈ ਕਾਰਨ ਨਹੀਂ ਕਿ ਉਹਨਾਂ ਨੂੰ ਵੱਖ ਵੱਖ ਵਿਕਾਸ ਸਰਗਰਮੀਆਂ ਵਿਚ ਲਾਹੇਵੰਦ ਕਾਰਜਾਂ ਤੇ ਨਾ ਲਗਾਇਆ ਜਾ ਸਕੇ ।”

      ਸਾਬਕਾ ਫ਼ੌਜੀ ਦਾ ਭਾਵ ਅਜਿਹੇ ਵਿਅਕਤੀ ਤੋਂ ਹੈ ਜਿਸਨੇ ਭਾਰਤ ਦੀ ਥਲ ਸੈਨਾ , ਜਲ ਸੈਨਾ ਅਤੇ ਹਵਾਈ ਸੈਨਾ ਵਿਚ ਕਿਸੇ ਵੀ ਰੈਂਕ ਤੇ ਸੇਵਾ ਕੀਤੀ ਹੋਵੇ ਅਤੇ ਜੋ (ੳ) ਪੈਨਸ਼ਨ ਪ੍ਰਾਪਤ ਕਰਕੇ ਅਜਿਹੀ ਸੇਵਾ ਤੋਂ ਰਿਟਾਇਰ ਹੋ ਚੁਕਾ ਹੋਵੇ ਜਾਂ ਜਿਸ ਨੂੰ (ਅ) ਮੈਡੀਕਲ ਕਾਰਨਾਂ ਕਰਕੇ ਅਜਿਹੀ ਸੇਵਾ ਤੋਂ ਮੁਕਤ ਕੀਤਾ ਗਿਆ ਹੋਵੇ ਜਾਂ ਜਿਸਨੂੰ (ੲ) ਛਾਂਟੀ ਕਾਰਨ ਅਜਿਹੀ ਸੇਵਾ ਤੋਂ ਮੁਕਤ ਕੀਤਾ ਗਿਆ ਹੋਵੇ ਜਾਂ ਜਿਸਨੂੰ (ਸ) ਸੇਵਾ ਦਾ ਨਿਸ਼ਚਿਤ ਸਮਾਂ ਪੂਰਾ ਹੋਣ ਤੋਂ ਬਾਅਦ ਉਸਦੀ ਆਪਣੀ ਬੇਨਤੀ ਤੋਂ ਬਿਨਾਂ ਮੁਕਤ ਕੀਤਾ ਗਿਆ ਹੋਵੇ।

      ਪਰੰਤੂ ਕਈ ਸਾਲਾਂ ਤੋਂ ਸਾਬਕਾ ਫ਼ੌਜੀਆਂ ਦੀਆਂ ਸਮੱਸਿਆਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਸਮਾਜਿਕ-ਆਰਥਿਕ ਪਰਿਵਰਤਨ , ਸੰਯੁਕਤ ਪਰਿਵਾਰਕ ਪ੍ਰਣਾਲੀ ਦਾ ਟੁੱਟਣਾ, ਰੋ਼ਜਗਾਰ ਦੇ ਮਾਮਲੇ ਵਿਚ ਸਖ਼ਤ ਪ੍ਰਤਿਯੋਗਤਾ ਅਤੇ ਜੀਵਨ ਜੀਊਣ ਦੇ ਖ਼ਰਚਾਂ ਵਿਚ ਭਾਰੀ ਵਾਧਾ ਹਨ। ਉਹਨਾਂ ਫ਼ੌਜੀਆਂ ਦੀਆਂ ਵਿਧਵਾਵਾਂ ਜਿਨ੍ਹਾਂ ਨੇ ਸੈਨਿਕ ਡਿਊਟੀ ਦੇ ਦੌਰਾਨ ਆਪਣੀਆਂ ਜਾਨਾਂ ਗੰਵਾਈਆਂ, ਦੀਆਂ ਹੋਰ ਅਤੇ ਵੱਖ ਵੱਖ ਆਸਾਂ ਹਨ। ਬੁੱਢੇ ਸਾਬਕਾ ਫ਼ੌਜੀਆਂ ਦੀਆਂ ਮੁੱਖ ਲੋੜਾਂ ਡਾਕਟਰੀ ਸੁਵਿਧਾਵਾਂ, ਪੈਨਸ਼ਨਾਂ ਦੀ ਬਾਕਾਇਦਾ ਪ੍ਰਾਪਤੀ ਅਤੇ ਉਹਨਾਂ ਦੇ ਪੁੱਤਰਾਂ ਅਤੇ ਪੋਤਿਆਂ ਦੀ ਫ਼ੌਜ ਵਿਚ ਭਰਤੀ ਵਿਚ ਸਹਾਇਤਾ ਹਨ। ਅਪੰਗ ਸਾਬਕਾ ਫ਼ੌਜੀਆਂ ਦੀਆਂ ਵੱਖਰੀ ਕਿਸਮ ਦੀਆਂ ਸਮੱਸਿਆਵਾਂ ਹਨ। ਇਸ ਪ੍ਰਕਾਰ ਸਾਬਕਾ ਫ਼ੌਜੀਆਂ ਦੀਆਂ ਲੋੜਾਂ, ਅਭਿਲਾਖਾਵਾਂ ਅਤੇ ਉਮੀਦਾਂ ਬਹੁਤ ਹੀ ਭਿੰਨ ਭਿੰਨ ਪ੍ਰਕਾਰ ਦੀਆਂ ਹਨ ਅਤੇ ਇਹਨਾਂ ਨੂੰ ਉਹਨਾਂ ਦੀ ਸੰਤੁਸ਼ਟਤਾ ਅਨੁਸਾਰ ਪੂਰਾ ਕਰਨਾ ਬਹੁਤ ਹੀ ਔਖਾ ਕੰਮ ਹੈ।

      ਕੇਂਦਰੀ ਸਰਕਾਰ ਅਤੇ ਰਾਜ/ਸੰਘ ਖ਼ੇਤਰ ਸੰਯੁਕਤ ਰੂਪ ਵਿਚ ਸਾਬਕਾ ਫ਼ੌਜੀਆਂ ਦੇ ਪੁਨਰਵਾਸ ਅਤੇ ਭਲਾਈ ਲਈ ਜ਼ਿੰਮੇਵਾਰ ਹਨ। ਕੇਂਦਰੀ ਪੱਧਰ ਤੇ ਰੱਖਿਆ ਮੰਤਰਾਲਾ ਪ੍ਰਸ਼ਾਸਕੀ ਅਤੇ ਨਿਯੰਤਰਕ ਮੰਤਰਾਲਾ ਹੈ। ਕੇਂਦਰੀ ਸਰਕਾਰ ਦੇ ਪੱਧਰ ਤੇ ਕੇਂਦਰੀ ਸੈਨਿਕ ਬੋਰਡ ਇਹਨਾਂ ਲਈ ਸਿਖਰ ਦੀ ਸੰਸਥਾ ਹੈ। ਬੋਰਡ ਦਾ ਚੇਅਰਮੈਨ ਰੱਖਿਆ ਮੰਤਰੀ ਹੈ। ਆਪਣੀਆਂ ਸਾਲਾਨਾ ਮੀਟਿੰਗਾਂ ਵਿਚ ਇਹ ਸਾਬਕਾ ਫ਼ੌਜੀਆਂ ਦੀ ਭਲਾਈ ਅਤੇ ਪੁਨਰਵਾਸ ਲਈ ਪਾਲਿਸੀਆਂ ਅਤੇ ਸਕੀਮਾਂ ਤਿਆਰ ਕਰਦਾ ਹੈ ਜਿਹਨਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ।

      ਰਾਜ ਪੱਧਰ ਤੇ ਸਾਬਕਾ ਫ਼ੌਜੀਆਂ ਦੇ ਪੁਨਰਵਾਸ ਅਤੇ ਭਲਾਈ ਦਾ ਵਿਸ਼ਾ ਰਾਜ ਸਰਕਾਰ ਦੇ ਇਕ ਮੰਤਰੀ ਨੂੰ ਸੌਂਪਿਆ ਜਾਂਦਾ ਹੈ ਅਤੇ ਸਬੰਧਤ ਵਿਭਾਗ ਦਾ ਸਕੱਤਰ ਰਾਜ ਸੈਨਿਕ ਬੋਰਡ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਰਾਜ ਸੈਨਿਕ ਬੋਰਡ, ਜ਼ਿਲ੍ਹਾ ਸੈਨਿਕ ਬੋਰਡਾਂ ਤੇ ਆਨ ਕੰਟਰੋਲ ਅਤੇ ਨਿਗਰਾਨੀ ਕਰਦਾ ਹੈ। ਜ਼ਿਲ੍ਹਾ ਕੁਲੈਕਟਰ , ਜ਼ਿਲ੍ਹਾ ਸੈਨਿਕ ਬੋਰਡ ਦਾ ਚੇਅਰਮੈਨ ਹੁੰਦਾ ਹੈ। ਜ਼ਿਲ੍ਹਾ ਸੈਨਿਕ ਬੋਰਡ ਦਾ ਸਕੱਤਰ, ਸਦਾ ਹੀ ਸਾਬਕਾ ਫ਼ੌਜੀ ਹੁੰਦਾ ਹੈ, ਜੋ ਚੇਅਰਮੈਨ ਨੂੰ ਰਿਪੋਰਟ ਕਰਦਾ ਹੈ। ਇਸੇ ਪ੍ਰਕਾਰ ਦਾ, ਪਰੰਤੂ ਕੁਝ ਛੋਟਾ ਸੰਗਠਨ ਨੇਪਾਲ ਵਿਚ ਉਹਨਾਂ ਸਾਬਕਾ ਫ਼ੌਜੀਆਂ ਦੀ ਦੇਖਭਾਲ ਲਈ ਸਥਾਪਿਤ ਕੀਤਾ ਹੋਇਆ ਹੈ ਜੋ ਭਾਰਤੀ ਹਥਿਆਰਬੰਦ ਫ਼ੌਜਾਂ ਤੋਂ ਰਿਟਾਇਰ ਹੋਣ ਤੋਂ ਬਾਅਦ ਨੇਪਾਲ ਵਿਚ ਜਾ ਆਬਾਦ ਹੋਏ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.